• facebook
  • instagram
  • twitter

©2018 by art by Rupy C. Tut.

Kaav

Kaav (ਕਾਿਵ) is a collection of my favorite Punjabi poems recited and interpreted for relevance. This is my way of making the Punjabi language more approachable and relatable beyond just speaking and musical applications. 

"Kambdi Kalai" - Bhai Vir Singh

ਕੰਬਦੀ ਕਲਾਈ

 

ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ
ਅਸਾਂ ਧਾ ਗਲਵਕੜੀ ਪਾਈ
ਨਿਰਾ ਨੂਰ ਤੁਸੀਂ ਹੱਥ ਨ ਆਏ
ਸਾਡੀ ਕੰਬਦੀ ਰਹੀ ਕਲਾਈ,

ਧਾ ਚਰਨਾਂ ਤੇ ਸ਼ੀਸ਼ ਨਿਵਾਇਆ
ਸਾਡੇ ਮੱਥੇ ਛੋਹ ਨ ਪਾਈ,
ਤੁਸੀਂ ਉੱਚੇ ਅਸੀਂ ਨੀਵੇਂ ਸਾਂ
ਸਾਡੀ ਪੇਸ਼ ਨ ਗਈਆ ਕਾਈ,

ਫਿਰ ਲੜ ਫੜਨੇ ਨੂੰ ਉੱਠ ਦਉੜੇ
ਪਰ ਲੜ ਉਹ 'ਬਿਜਲੀ ਲਹਿਰਾ'
ਉਡਦਾ ਜਾਂਦਾ, ਪਰ ਉਹ ਅਪਣੀ
ਛੁਹ ਸਾਨੂੰ ਗਯਾ ਲਾਈ:
ਮਿੱਟੀ ਚਮਕ ਪਈ ਇਹ ਮੋਈ
ਤੇ ਤੁਸੀਂ ਲੂੰਆਂ ਵਿਚ ਲਿਸ਼ਕੇ,-
ਬਿਜਲੀ ਕੂੰਦ ਗਈ ਥਰਰਾਂਦੀ
ਹੁਣ ਚਕਾਚੂੰਧ ਹੈ ਛਾਈ ।

"Chhatto di Beri" - Prof. Mohan Singh

Full english translation here

ਛੱਤੋ ਦੀ ਬੇਰੀ

ਉਹ ਕਿੱਧਰ ਗਏ ਦਿਹਾੜੇ ?
ਜਦ ਛੱਤੋ ਦੇ ਪਿਛਵਾੜੇ,
ਸਾਂ ਬੇਰ ਛੱਤੋ ਦੇ ਢਾਂਹਦੇ,
ਹੱਸ-ਹੱਸ ਕੇ ਗਾਲ੍ਹਾਂ ਖਾਂਦੇ ।

ਕਰ ਲਾਗੇ-ਲਾਗੇ ਸਿਰੀਆਂ,
ਉਹ ਬੇਰੀ ਥੱਲੇ ਬਹਿਣਾ ।
ਥੋੜ੍ਹੀ ਜਿਹੀ ਘੁਰ-ਘੁਰ ਮਗਰੋਂ,
ਫਿਰ ਜਾ ਛੱਤੋ ਨੂੰ ਕਹਿਣਾ :
'ਛੇਤੀ ਕਰ ਬੇਬੇ ਛੱਤੋ !
ਤੈਨੂੰ ਸੱਦਦੀ ਭੂਆ ਸੱਤੋ ।'
ਉਸ ਜਾਣਾ ਹੌਲੀ ਹੌਲੀ,
ਅਸਾਂ ਕਰ ਕੇ ਫੁਰਤੀ ਛੁਹਲੀ,
ਗਾਲ੍ਹੜ ਵਾਂਗੂੰ ਚੜ੍ਹ ਜਾਣਾ,
ਬੇਰਾਂ ਦਾ ਮੀਂਹ ਵਰ੍ਹਾਣਾ ।
ਆਪੀਂ ਤਾਂ ਚੁਣ-ਚੁਣ ਖਾਣੇ,
ਛੁਹਰਾਂ ਨੂੰ ਦੱਬਕੇ ਲਾਣੇ :
ਬੱਚੂ ਹਰਨਾਮਿਆਂ ਖਾ ਲੈ !
ਸੰਤੂ ਡੱਬਾਂ ਵਿਚ ਪਾ ਲੈ !
ਖਾ ਖੂ ਕੇ ਥੱਲੇ ਲਹਿਣਾ,
ਫਿਰ ਬਣ ਵਰਤਾਵੇ ਬਹਿਣਾ,
ਕੁਝ ਵੰਡ ਕਰਾਈ ਲੈਣੀ,
ਕੁਝ ਕੰਡੇ-ਚੁਭਾਈ ਲੈਣੀ ।
ਫਿਰ ਚੀਕ ਚਿਹਾੜਾ ਪਾਣਾ,
ਉੱਤੋਂ ਛੱਤੋ ਆ ਜਾਣਾ ।
ਉਸ ਝੂਠੀ ਮੂਠੀ ਕੁਟਣਾ,
ਅਸੀਂ ਝੂਠੀ ਮੂਠੀ ਰੋਣਾ ।
ਉਸ ਧੌਣ ਅਸਾਡੀ ਛੱਡਣੀ,
ਅਸਾਂ ਟੱਪ ਕੇ ਪਰ੍ਹੇ ਖਲੋਣਾ ।
ਉਸ ਗਾਲ੍ਹਾਂ ਦੇਣੀਆਂ ਖੱਲ੍ਹ ਕੇ,
ਅਸਾਂ ਗਾਉਣਾ ਅੱਗੋਂ ਰਲ ਕੇ :
ਛੱਤੋ ਮਾਈ ਦੀਆਂ ਗਾਲ੍ਹਾਂ,
ਹਨ ਦੁੱਧ ਤੇ ਘਿਓ ਦੀਆਂ ਨਾਲਾਂ ।

ਅੱਜ ਓਏ ਜੇ ਕੋਈ ਆਖੇ,
ਅਸੀਂ ਹੋਈਏ ਲੋਹੇ ਲਾਖੇ ।
ਅੱਜ ਸਾਨੂੰ ਕੋਈ ਜੇ ਘੂਰੇ,
ਅਸੀਂ ਚੁਕ ਚੁਕ ਪਈਏ ਹੂਰੇ ।
ਗਾਲ੍ਹਾਂ ਰਹੀਆਂ ਇਕ ਪਾਸੇ,
ਅਸੀਂ ਝਲ ਨਾ ਸਕੀਏ ਹਾਸੇ ।
ਗੱਲ ਗੱਲ 'ਤੇ ਭੱਜੀਏ ਥਾਣੇ,
ਅਸੀਂ ਭੁੱਲ ਬੈਠੇ 'ਉਹ ਜਾਣੇ ।'
ਉਹ ਕਿੱਧਰ ਗਏ ਦਿਹਾੜੇ ?
ਜਦ ਛੱਤੋ ਦੇ ਪਿਛਵਾੜੇ,
ਸਾਂ ਬੇਰ ਛੱਤੋ ਦੇ ਢਾਂਹਦੇ,
ਹੱਸ-ਹੱਸ ਕੇ ਗਾਲ੍ਹਾਂ ਖਾਂਦੇ ।

"Ambi da Buta" - Prof. Mohan Singh

ਅੰਬੀ ਦੇ ਬੂਟੇ ਥੱਲੇ

ਇਕ ਬੂਟਾ ਅੰਬੀ ਦਾ,
ਘਰ ਸਾਡੇ ਲੱਗਾ ਨੀ ।
ਜਿਸ ਥੱਲੇ ਬਹਿਣਾ ਨੀ,
ਸੁਰਗਾਂ ਵਿਚ ਰਹਿਣਾ ਨੀ,
ਕੀ ਉਸਦਾ ਕਹਿਣਾ ਨੀ,
ਵੇਹੜੇ ਦਾ ਗਹਿਣਾ ਨੀ,
ਪਰ ਮਾਹੀ ਬਾਝੋਂ ਨੀ,
ਪਰਦੇਸੀ ਬਾਝੋਂ ਨੀ,
ਇਹ ਮੈਨੂੰ ਵੱਢਦਾ ਏ,
ਤੇ ਖੱਟਾ ਲੱਗਦਾ ਏ ।

ਇਸ ਬੂਟੇ ਥੱਲੇ ਜੇ,
ਮੈਂ ਚਰਖੀ ਡਾਹਨੀ ਆਂ,
ਤੇ ਜੀ ਪਰਚਾਵਣ ਨੂੰ,
ਦੋ ਤੰਦਾਂ ਪਾਨੀ ਆਂ,
ਕੋਇਲ ਦੀਆਂ ਕੂਕਾਂ ਨੀ,
ਮਾਰਨ ਬੰਦੂਕਾਂ ਨੀ,
ਪੀਹੜੇ ਨੂੰ ਭੰਨਾਂ ਮੈਂ,
ਚਰਖ਼ੀ ਨੂੰ ਫੁਕਾਂ ਨੀ ।

ਫਿਰ ਡਰਦੀ ਭਾਬੋ ਤੋਂ,
ਲੈ ਬਹਾਂ ਕਸੀਦਾ ਜੇ-
ਯਾਦਾਂ ਵਿਚ ਡੁੱਬੀ ਦਾ,
ਦਿਲ ਕਿਧਰੇ ਜੁੜ ਜਾਵੇ,
ਤੇ ਸੂਈ ਕਸੀਦੇ ਦੀ,
ਪੋਟੇ ਵਿਚ ਪੁੜ ਜਾਵੇ ।
ਫਿਰ ਉਠ ਕੇ ਪੀਹੜੇ ਤੋਂ
ਮੈਂ ਭੁੰਜੇ ਬਹਿ ਜਾਵਾਂ,
ਚੀਚੀ ਧਰ ਠੋਡੀ 'ਤੇ
ਵਹਿਣਾਂ ਵਿਚ ਵਹਿ ਜਾਵਾਂ-
ਸੁੱਖਾਂ ਦੀਆਂ ਗੱਲਾਂ ਨੀ,
ਮੇਲਾਂ ਦੀਆਂ ਘੜੀਆਂ ਨੀ,
ਖੀਰਾਂ ਤੇ ਪੂੜੇ ਨੀ,
ਸਾਵਣ ਦੀਆਂ ਝੜੀਆਂ ਨੀ,
ਸੁਹਣੇ ਦੇ ਤਰਲੇ ਨੀ,
ਤੇ ਮੇਰੀਆਂ ਅੜੀਆਂ ਨੀ,
ਜਾਂ ਚੇਤੇ ਆ ਜਾਵਣ,
ਲੋਹੜਾ ਹੀ ਪਾ ਜਾਵਣ ।

ਉਹ ਕਿਹਾ ਦਿਹਾੜਾ ਸੀ ?
ਉਹ ਭਾਗਾਂ ਵਾਲਾ ਸੀ,
ਉਹ ਕਰਮਾਂ ਵਾਲਾ ਸੀ,
ਜਿਸ ਸ਼ੁੱਭ ਦਿਹਾੜੇ ਨੀ,
ਘਰ ਮੇਰਾ ਲਾੜਾ ਸੀ ।

ਮੈਂ ਨਾ੍ਹਤੀ ਧੋਤੀ ਨੀ,
ਮੈਂ ਵਾਲ ਵਧਾਏ ਨੀ,
ਮੈਂ ਕਜਲਾ ਪਾਇਆ ਨੀ,
ਮੈਂ ਗਹਿਣੇ ਲਾਏ ਨੀ,
ਮਲ ਮਲ ਕੇ ਖੋੜੀ ਮੈਂ,
ਹੀਰੇ ਲਿਸ਼ਕਾਏ ਨੀ,
ਲਾ ਲਾ ਕੇ ਬਿੰਦੀਆਂ ਮੈਂ,
ਕਈ ਫੰਧ ਬਣਾਏ ਨੀ ।
ਜਾਂ ਹਾਰ ਸ਼ਿੰਗਾਰਾਂ ਤੋਂ,
ਮੈਂ ਵਿਹਲੀ ਹੋਈ ਨੀ,
ਆ ਅੰਬੀ ਥੱਲੇ ਮੈਂ,
ਫਿਰ ਧੂਣੀ ਛੋਹੀ ਨੀ ।

ਉਹ ਚੰਦ ਪਿਆਰਾ ਵੀ,
ਆ ਬੈਠਾ ਸਾਹਵੇਂ ਨੀ,
ਅੰਬੀ ਦੀ ਛਾਵੇਂ ਨੀ ।
ਉਹ ਮੇਰੀਆਂ ਪ੍ਰੀਤਾਂ ਦਾ,
ਸੁਹਣਾ ਵਣਜਾਰਾ ਨੀ ।
ਕਿੱਸੇ ਪਰਦੇਸਾਂ ਦੇ,
ਲਾਮਾਂ ਦੀਆਂ ਗੱਲਾਂ ਨੀ,
ਘੁਮਕਾਰ ਜਹਾਜ਼ਾਂ ਦੀ,
ਸਾਗਰ ਦੀਆਂ ਛੱਲਾਂ ਨੀ,
ਵੈਰੀ ਦੇ ਹੱਲੇ ਨੀ,
ਸੋਹਣੇ ਦੀਆਂ ਠੱਲ੍ਹਾਂ ਨੀ,
ਉਹ ਦੱਸੀ ਜਾਵੇ ਤੇ,
ਮੈਂ ਭਰਾਂ ਹੁੰਗਾਰਾ ਨੀ ।

ਉਸ ਗੱਲਾਂ ਕਰਦੇ ਨੂੰ-
ਪੱਤਿਆਂ ਦੀ ਖੜ ਖੜ ਨੇ,
ਬਦਲਾਂ ਦੀ ਸ਼ੂਕਰ ਨੇ,
ਵੰਗਾਂ ਦੀ ਛਣ ਛਣ ਨੇ,
ਚਰਖ਼ੀ ਦੀ ਘੂਕਰ ਨੇ,
ਟੱਪਿਆਂ ਦੀ ਲੋਰੀ ਨੇ,
ਕੋਇਲ ਦੀ ਕੂਕਰ ਨੇ,
ਮੰਜੇ 'ਤੇ ਪਾ ਦਿੱਤਾ,
ਤੇ ਘੂਕ ਸੁਲਾ ਦਿੱਤਾ ।

ਤੱਕ ਸੁੱਤਾ ਮਾਹੀ ਨੀ,
ਚਰਖ਼ੀ ਦੀ ਚਰਮਖ ਤੋਂ,
ਮੈਂ ਕਾਲਖ਼ ਲਾਹੀ ਨੀ,
ਜਾ ਸੁੱਤੇ ਸੁਹਣੇ ਦੇ,
ਮੱਥੇ 'ਤੇ ਲਾਈ ਨੀ ।
ਮੈਂ ਖੁੱਲ੍ਹ ਕੇ ਹੱਸੀ ਨੀ,
ਮੈਂ ਤਾੜੀ ਲਾਈ ਨੀ ।
ਮੈਂ ਦੂਹਰੀ ਹੋ ਗਈ ਨੀ,
ਮੈਂ ਚੌਹਰੀ ਹੋ ਗਈ ਨੀ,
ਉਹ ਉਠ ਖਲੋਇਆ ਨੀ,
ਘਬਰਾਇਆ ਹੋਇਆ ਨੀ ।
ਉਹ ਬਿਟ ਬਿਟ ਤੱਕੇ ਨੀ,
ਮੈਂ ਖਿੜ ਖਿੜ ਹੱਸਾਂ ਨੀ,
ਉਹ ਮੁੜ ਮੁੜ ਪੁੱਛੇ ਨੀ,
ਮੈਂ ਗੱਲ ਨਾ ਦੱਸਾਂ ਨੀ ।

ਤੱਕ ਸ਼ੀਸ਼ਾ ਚਰਖ਼ੀ ਦਾ,
ਉਸ ਘੂਰੀ ਪਾਈ ਨੀ,
ਮੈਂ ਚੁੰਗੀ ਲਾਈ ਨੀ,
ਉਹ ਪਿੱਛੇ ਭੱਜਾ ਨੀ,
ਮੈਂ ਦਿਆਂ ਨਾ ਡਾਹੀ ਨੀ,
ਉਸ ਮਾਣ ਜਵਾਨੀ ਦਾ,
ਮੈਂ ਹੱਠ ਜ਼ਨਾਨੀ ਦਾ,
ਮੈਂ ਅੱਗੇ ਅੱਗੇ ਨੀ,
ਉਹ ਪਿੱਛੇ ਪਿੱਛੇ ਨੀ,
ਮੰਜੀ ਦੇ ਗਿਰਦੇ ਨੀ,
ਨੱਸਦੇ ਵੀ ਜਾਈਏ ਨੀ,
ਅੰਬੀ ਦੇ ਗਿਰਦੇ ਨੀ,
ਹੱਸਦੇ ਵੀ ਜਾਈਏ ਨੀ,
ਉਹਦੀ ਚਾਦਰ ਖੜਕੇ ਨੀ,
ਮੇਰੀ ਕੋਠੀ ਧੜਕੇ ਨੀ,
ਉਹਦੀ ਜੁੱਤੀ ਚੀਕੇ ਨੀ,
ਮੇਰੀ ਝਾਂਜਰ ਛਣਕੇ ਨੀ,
ਉਹਦੀ ਪਗੜੀ ਢਹਿ ਪਈ ਨੀ,
ਮੇਰੀ ਚੁੰਨੀ ਲਹਿ ਗਈ ਨੀ,
ਜਾਂ ਹਫ ਕੇ ਰਹਿ ਗਏ ਨੀ,
ਮੰਜੀ ਤੇ ਬਹਿ ਗਏ ਨੀ ।

ਉਹ ਕਿਹਾ ਦਿਹਾੜਾ ਸੀ ?
ਉਹ ਭਾਗਾਂ ਵਾਲਾ ਸੀ,
ਉਹ ਕਰਮਾਂ ਵਾਲਾ ਸੀ,
ਜਿਸ ਸ਼ੁੱਭ ਦਿਹਾੜੇ ਨੀ,
ਘਰ ਮੇਰਾ ਲਾੜਾ ਸੀ ।

ਅੱਜ ਖਾਣ ਹਵਾਵਾਂ ਨੀ,
ਅੱਜ ਸਾੜਨ ਛਾਵਾਂ ਨੀ,
ਤਰਖ਼ਾਣ ਸਦਾਵਾਂ ਨੀ,
ਅੰਬੀ ਕਟਵਾਵਾਂ ਨੀ,
ਤੋਬਾ ਮੈਂ ਭੁੱਲੀ ਨੀ,
ਹਾੜਾ ਮੈਂ ਭੁੱਲੀ ਨੀ ।
ਜੇ ਅੰਬੀ ਕੱਟਾਂਗੀ
ਚੜ੍ਹ ਕਿਸ ਦੇ ਉੱਤੇ,
ਰਾਹ ਢੋਲੇ ਦਾ ਤੱਕਾਂਗੀ ?